ਗੱਡੀ ਦੇ ਸਾਰੇ ਸ਼ੀਸ਼ੇ ਤੋੜੇ, ਪਾਈਪਾਂ ਨਾਲ ਵੈਲਡ ਕੀਤੀਆਂ ਗਰਾਰੀਆਂ ਅਤੇ ਸੋਟੀਆਂ ਨਾਲ ਹਮਲਾ ਕਰਨ ਦੇ ਲਾਏ ਦੋਸ਼
ਭਦੌੜ, 10 ਨਵੰਬਰ (ਸੁਖਵਿੰਦਰ ਪਲਾਹਾ): ਇੱਥੋਂ ਲਾਗਲੇ ਪਿੰਡ ਤਲਵੰਡੀ ਵਿਖੇ ਪਿੰਡ ਦੀ ਸਰਪੰਚ ਦੇ ਪਤੀ ਸਿੰਘ ਕਾਲਾ ਦੀ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਮਾਮਲਾ ਥਾਣਾ ਭਦੌੜ ਵਿਖੇ ਪਹੁੰਚ ਗਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਕਾਲਾ ਨੇ ਦੱਸਿਆ ਕਿ ਉਹ ਪਿੰਡ ਵਿੱਚ ਇੱਕ ਘਰ ਵਿਖੇ ਦੋ ਭਰਾਵਾਂ ਵਿਚਕਾਰ ਚੱਲ ਰਹੇ ਆਪਸੀ ਝਗੜੇ ਦਾ ਸਮਝੌਤਾ ਕਰਵਾਉਣ ਲਈ ਗਿਆ ਹੋਇਆ ਸੀ। ਜਦੋਂ ਉਹ ਘਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਪਿੰਡ ਦੇ ਹੀ ਕੁਝ ਨੌਜਵਾਨ ਉਸ ਦੀ ਗੱਡੀ ਦੀ ਭੰਨਤੋੜ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਨੌਜਵਾਨਾਂ ਕੋਲ ਪਾਈਪਾਂ ਨਾਲ ਵੈਲਡ ਕੀਤੀਆਂ ਗਰਾਰੀਆਂ, ਸੋਟੀਆਂ ਅਤੇ ਹੋਰ ਹਥਿਆਰ ਸਨ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵੱਲੋਂ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਅਤੇ ਗੱਡੀ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ, ਜਿਸ ਕਾਰਨ ਗੱਡੀ ਕਾਫ਼ੀ ਨੁਕਸਾਨੀ ਗਈ ਹੈ।
ਇਸ ਸਬੰਧੀ ਥਾਣਾ ਭਦੌੜ ਦੀ ਪੁਲਿਸ ਨੇ ਕਿਹਾ ਕਿ ਥਾਣਾ ਭਦੌੜ ਦੇ ਅਧੀਨ ਆਉਂਦੇ ਖੇਤਰ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਜਾਂਚ ਉਪਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਥਿਤ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

