ਸ਼ਾਰਟ ਸਰਕਟ ਕਾਰਨ ਪਹਿਲੀ ਮੰਜ਼ਿਲ ’ਤੇ ਲੱਗੀ ਅੱਗ, ਕਈ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਪਾਇਆ ਕਾਬੂ
ਭਦੌੜ, 3 ਅਕਤੂਬਰ (ਸ਼ਸ਼ੀਕਾਂਤ)
ਭਦੌੜ ਵਿਖੇ ਕੈਪਸਨਸ (Capsons) ਨਾਮੀ ਕੱਪੜਿਆਂ ਦੇ ਸ਼ੋਅਰੂਮ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅੱਗ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਲੱਗੀ, ਜਿਸ ਕਾਰਨ ਉੱਥੇ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਸ਼ੋਅਰੂਮ ਦਾ ਸਾਰਾ ਫਰਨੀਚਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋਅਰੂਮ ਦੇ ਮਾਲਕ ਬਲਜਿੰਦਰ ਸਿੰਘ ਦੇ ਕੱਪੜਿਆਂ ਦੇ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ. ਹਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ। ਇਸ ਦੌਰਾਨ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੌਕੇ ’ਤੇ ਪਹੁੰਚੀਆਂ।

ਅੱਗ ਇੰਨੀ ਭਿਆਨਕ ਸੀ ਕਿ ਇਸ ’ਤੇ ਕਾਬੂ ਪਾਉਣ ਲਈ ਕਈ ਘੰਟਿਆਂ ਤੱਕ ਜੱਦੋ-ਜਹਿਦ ਕਰਨੀ ਪਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ-ਨਾਲ ਨਗਰ ਕੌਂਸਲ ਭਦੌੜ ਦੇ ਐੱਮ.ਸੀ., ਗਰੀਨ ਐੱਸ ਵੈਲਫ਼ੇਅਰ ਫੋਰਸ ਦੇ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਵੀ ਅੱਗ ਬੁਝਾਉਣ ਲਈ ਪੂਰੀ ਵਾਹ ਲਾਈ। ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਆਖ਼ਰਕਾਰ ਅੱਗ ’ਤੇ ਕਾਬੂ ਪਾਇਆ ਗਿਆ।
ਅੱਗ ਕਾਰਨ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣਾ ਹਾਲੇ ਬਾਕੀ ਹੈ, ਪਰ ਮੁੱਢਲੇ ਤੌਰ ’ਤੇ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸਮੂਹ ਸ਼ਹਿਰ ਨਿਵਾਸੀਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਔਖੀ ਘੜੀ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

