ਭਦੌੜ 10 ਨਵੰਬਰ (ਸੁਖਵਿੰਦਰ ਪਲਾਹਾ)
ਲਕਸ਼ਮੀ ਰਾਈਸ ਮਿੱਲ ਅਲਕੜਾ ਵਿੱਚੋਂ ਝੋਨੇ ਦੀਆਂ 350 ਤੋਂ 400 ਬੋਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਏਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਲਾਲ ਪੁੱਤਰ ਤੇਲੂ ਰਾਮ ਵਾਸੀ ਭਦੌੜ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ 7 ਅਤੇ 8 ਅਕਤੂਬਰ ਦੀ ਦਰਮਿਆਨੀ ਰਾਤ ਨੂੰ 15 ਤੋਂ 16 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਸੈਲਰ ਵਿੱਚ ਦਾਖਲ ਹੋਏ। ਉਕਤ ਵਿਅਕਤੀਆਂ ਨੇ ਸੈਲਰ ਦੀ ਰਾਖੀ ਕਰ ਰਹੇ ਦੋ ਚੌਕੀਦਾਰਾਂ ਪਲਵਿੰਦਰ ਸਿੰਘ ਅਤੇ ਅਸ਼ੋਕ ਯਾਦਵ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਇਸ ਦੌਰਾਨ ਸੈਲਰ ਵਿੱਚੋਂ ਝੋਨੇ ਦੀਆਂ ਤਕਰੀਬਨ 350 ਤੋਂ 400 ਬੋਰੀਆਂ ਚੋਰੀ ਕਰਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਅਨੁਸਾਰ ਇਸ ਚੋਰੀ ਦੀ ਘਟਨਾ ਦਾ ਪਤਾ ਉਨ੍ਹਾਂ ਨੂੰ ਦੀਵਾਲੀ ਵਾਲੇ ਦਿਨ ਸਵੇਰੇ ਲੱਗਿਆ।
ਏਐਸਆਈ ਕਮਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਅੰਮ੍ਰਿਤ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 92 ਮਿਤੀ 8 ਅਕਤੂਬਰ 2026 ਨੂੰ ਧਾਰਾ 331(4), 305 ਅਤੇ 127(2) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


