ਐਸ.ਡੀ.ਐਮ. ਨੇ ਮੰਗ ਪੱਤਰ ਲੈ ਕੇ ਦਿੱਤਾ ਹੱਲ ਦਾ ਭਰੋਸਾ
ਭਦੌੜ (ਸ਼ਸ਼ੀਕਾਂਤ)
ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਬ-ਤਹਿਸੀਲ ਭਦੌੜ ਨੂੰ ਪੂਰਨ ਸਬ-ਡਵੀਜ਼ਨ (ਤਹਿਸੀਲ) ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ 17 ਅਗਸਤ ਤੋਂ ਲਗਾਤਾਰ ਦਿੱਤਾ ਜਾ ਰਿਹਾ ਪੱਕਾ ਧਰਨਾ ਪੂਰਾ ਇੱਕ ਮਹੀਨਾ ਚੱਲਣ ਉਪਰੰਤ ਅੱਜ ਪ੍ਰਸ਼ਾਸਨਿਕ ਭਰੋਸੇ ਮਗਰੋਂ ਸਮਾਪਤ ਹੋ ਗਿਆ।
ਇਸ ਸੰਘਰਸ਼ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਧੰਨਾ ਸਿੰਘ, ਸੂਬਾ ਪ੍ਰਧਾਨ ਪਰਮਜੀਤ ਸਿੰਘ ਸੇਖੋਂ, ਸੂਬਾ ਮੀਤ ਪ੍ਰਧਾਨ ਬੰਤ ਸਿੰਘ ਗਰੇਵਾਲ, ਬਲਾਕ ਪ੍ਰਧਾਨ ਕਾਲਾ ਸਿੰਘ ਅਤੇ ਸ਼ਹਿਰੀ ਪ੍ਰਧਾਨ ਮਲਕੀਤ ਸਿੰਘ ਖਾਲਸਾ ਸਮੇਤ ਹੋਰਨਾਂ ਆਗੂਆਂ ਵੱਲੋਂ ਕੀਤੀ ਗਈ।
ਧਰਨੇ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਦੌੜ ਨੂੰ ਸਬ-ਡਵੀਜ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ 45 ਦਿਨ ਤੱਕ ਸੰਘਰਸ਼ ਕੀਤਾ ਗਿਆ ਸੀ। ਅਤੇ ਹੁਣ ਵੀ ਪਿਛਲੇ ਇੱਕ ਮਹੀਨੇ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਦੌੜ ਨੂੰ ਪੂਰਨ ਤਹਿਸੀਲ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਇਲਾਕੇ ਦੇ ਤਕਰੀਬਨ 40 ਪਿੰਡਾਂ ਦੇ ਲੋਕਾਂ ਨੂੰ ਰਜਿਸਟਰੀਆਂ ਅਤੇ ਸਰਕਾਰੀ ਕੰਮਾਂ-ਕਾਰਾਂ ਲਈ ਦੂਰ ਜਾਣ ਦੀ ਖੱਜਲ-ਖ਼ੁਆਰੀ ਤੋਂ ਵੱਡੀ ਰਾਹਤ ਮਿਲੇਗੀ। ਇਸੇ ਮਕਸਦ ਲਈ ਜਥੇਬੰਦੀ ਵੱਲੋਂ 17 ਅਗਸਤ ਤੋਂ ਸਬ-ਤਹਿਸੀਲ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਕੇ ਰੋਜ਼ਾਨਾ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਅੱਜ ਧਰਨੇ ਦੌਰਾਨ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਨੇ ਖ਼ੁਦ ਮੌਕੇ ‘ਤੇ ਪਹੁੰਚ ਕੇ ਜਥੇਬੰਦੀ ਕੋਲੋਂ ਮੰਗ ਪੱਤਰ ਹਾਸਲ ਕੀਤਾ। ਇਸ ਮੌਕੇ ਐਸ.ਡੀ.ਐਮ. ਨੇ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਹ ਮੰਗ ਅਤਿ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੰਗ ਬਾਰੇ ਪਹਿਲਾਂ ਹੀ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਅਤੇ ਹੁਣ ਇਸ ਦਾ ਜਲਦ ਹੱਲ ਕੱਢਣ ਲਈ ਲੋੜੀਂਦੇ ਯਤਨ ਕੀਤੇ ਜਾਣਗੇ। ਐਸ.ਡੀ.ਐਮ. ਵੱਲੋਂ ਦਿੱਤੇ ਇਸ ਠੋਸ ਭਰੋਸੇ ਤੋਂ ਬਾਅਦ ਜਥੇਬੰਦੀ ਨੇ ਇਹ ਸ਼ਾਂਤਮਈ ਮੋਰਚਾ ਖ਼ਤਮ ਕਰਨ ਦਾ ਐਲਾਨ ਕੀਤਾ।

