ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਇੱਕ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 31 ਜਣਿਆਂ ਦੀ ਮੌਤ ਹੋ ਗਈ ਹੈ ਅਤੇ 169 ਤੋਂ ਵੱਧ ਜ਼ਖਮੀ ਹੋ ਗਏ ਹਨ।
ਪੁਲਿਸ ਅਧਿਕਾਰੀਆਂ ਨੇ ਇਸ ਨੂੰ ‘ਆਤਮਘਾਤੀ ਹਮਲਾ‘ ਦੱਸਿਆ ਹੈ।
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਕਿ ਇਹ ਹਮਲਾ, ਜੋ "ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ", "ਮਨੁੱਖਤਾ ਵਿਰੁੱਧ ਅਪਰਾਧ" ਹੈ।
ਚਸ਼ਮਦੀਦਾਂ ਨੇ ਕਿਹਾ ਕਿ ਇਹ ਧਮਾਕਾ ਇਮਾਮ ਬਰਗਾਹ ਦੇ ਮੁੱਖ ਦਰਵਾਜ਼ੇ ਨੇੜੇ ਹੋਇਆ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਾਇਰਲ ਹੋਈਆਂ ਹਨ ਜਿਸ ਵਿੱਚ ਧਮਾਕੇ ਤੋਂ ਬਾਅਦ ਨੁਕਸਾਨੀਆਂ ਗਈਆਂ ਇਮਾਰਤਾਂ, ਟੁੱਟੇ ਹੋਏ ਸ਼ੀਸ਼ੇ ਅਤੇ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੂੰ ਜ਼ਖਮੀਆਂ ਦੀ ਮਦਦ ਕਰਦੇ ਦਿਖਾਇਆ ਗਿਆ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇੱਕ ਆਤਮਘਾਤੀ ਹਮਲਾਵਰ ਨੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਗਾਰਡਾਂ ਵਲੋਂ ਰੋਕੇ ਜਾਣ ਤੋਂ ਬਾਅਦ ਉਸ ਨੇ ਗੇਟ ’ਤੇ ਆਤਮਘਾਤੀ ਬੰਬ ਦਾ ਬਟਨ ਦਬਾ ਦਿੱਤਾ।


